Gurudwara Harcharan Kamal Sahib, Mohali
ਗੁਰਦੁਆਰਾ ਹਰਿਚਰਣ ਕਮਲ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਚੰਡੀਗੜ੍ਹ ਦੇ ਨੇੜਲੇ ਪ੍ਰਸਿੱਧ ਗੁਰਦੁਆਰਿਆਂ ਵਿੱਚੋਂ ਇੱਕ ਹੈ। ਇਹ ਫੇਜ 10 ਅਤੇ 11 (ਸੈਕਟਰ 64 ਅਤੇ 65) ਨੂੰ ਵੰਡਦੀ ਸੜਕ ਤੇ ਸਥਿਤ ਹੈ ਅਤੇ ਅਕਤੂਬਰ 1999 ਵਿੱਚ ਅਧਿਕਾਰਿਤ ਤੌਰ ਤੋ ਅਲਾਟ ਕੀਤੀ ਜਗ੍ਹਾ ਤੇ ਸਥਾਪਿਤ ਹੈ। ਨੀਂਹ ਪੱਥਰ ਰੱਖਣ ਦੀ ਰਸਮ ਪੰਜ ਪਿਆਰਿਆਂ ਵੱਲੋਂ ਨਿਭਾਈ ਗਈ। ਗੁਰਦੁਆਰਾ ਸਾਹਿਬ ਦਾ ਮਹੌਲ ਬਹੁਤ ਵਧੀਆ ਹੋਣ ਕਰਕੇ ਸ਼ਰਧਾਲੂਆਂ ਨੂੰ ਸੁਆਗਤੀ, ਸ਼ਾਂਤ ਅਤੇ ਆਰਾਮਦਾਇਕ ਮਹੌਲ ਮਿਲਦਾ ਹੈ। ਸੰਗਤ ਪ੍ਰੇਮ ਨਾਲ ਕਥਾ, ਕੀਰਤਨ ਸੁਣਦੀ ਅਤੇ ਪਿਆਰ ਨਾਲ ਸੇਵਾ ਕਰਦੀ ਹੈ।
ਗੁਰਦੁਆਰਾ ਸਾਹਿਬ ਬਹੁਤ ਸਾਰੀਆਂ ਗੁਰਮਤਿ ਅਤੇ ਸੇਵਾ ਗਤੀਵਿਧੀਆਂ ਦਾ ਆਯੋਜਨ ਕਰਨ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਹੁਤ ਸਾਫ ਸੁਥਰੇ ਅਤੇ ਖੁਲੇ ਹਾਲ ਵਿੱਚ ਕੀਤਾ ਹੋਇਆ ਹੈ। ਵਿਹੜੇ ਵਿੱਚ ਸਿੱਖ ਧਰਮ ਦਾ ਪ੍ਰਤੀਕ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਜੋ ਕਾਫ਼ੀ ਦੂਰੀ ਤੋਂ ਇਸ ਦੀ ਪਛਾਣ ਕਰਾਉਂਦਾ ਹੈ।
ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ, ਸਿੱਖ ਸੱਭਿਆਚਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ,
ਟ੍ਰਾਈਸਿਟੀ ਅਤੇ ਨੇੜਲੇ ਸਥਾਨਾਂ ਦੇ ਸਕੂਲੀ ਬੱਚਿਆਂ ਲਈ ਹਰ
ਸਾਲ ਅਕਤੂਬਰ ਵਿੱਚ ਵੱਖ ਵੱਖ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ, ਚੰਗੀ ਯੋਗਤਾ ਦਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ
ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਅਤੇ ਵੱਖ ਵੱਖ ਸਮੇਂ ਤੇ ਬੱਚਿਆਂ
ਦੀਆਂ ਗੁਰਮਤਿ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਰੋਕਣ,
ਇਨਸਾਨੀਅਤ ਅਤੇ ਆਤਮਿਕ ਪ੍ਰਫੁਲਤਾ ਲਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਦਾ
ਉਪਰਾਲਾ ਕੀਤਾ ਜਾਂਦਾ ਹੈ।
ਇਸ ਸਭ ਕੁਝ ਦਾ ਮੰਤਵ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਅਤੇ ਉਹਨਾਂ ਵਿੱਚ ਵਿਸ਼ਵਾਸ ਪੈਦਾ ਕਰਨ
ਵਿੱਚ ਯੋਗਦਾਨ ਪਾਉਣ ਤੋਂ ਇਲਾਵਾ ਉਹਨਾਂ ਦੀਆਂ ਆਤਮਾਵਾਂ ਨੂੰ ਪ੍ਰਕਾਸ਼ਮਾਨ ਕਰਨਾ ਹੈ। ਮੁੱਖ ਉਦੇਸ਼ ਨੌਜਵਾਨ
ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਅਤੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਪ੍ਰਦਾਨ ਕਰਨਾ ਹੈ। ਹਰ ਸਨਿੱਚਰਵਾਰ ਬੱਚਿਆਂ ਦੁਆਰਾ
ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਸ਼ਾਮ ਦੇ ਨਿਤਨੇਮ ਤੋਂ
ਸੁਖਾਸਨ ਸੇਵਾ ਤੱਕ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਗੁਰੂ ਕਾ
ਲੰਗਰ ਹੁੰਦਾ ਹੈ। ਗੁਰਪੁਰਬ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਲੋੜਵੰਦ ਲੜਕੀਆਂ ਲਈ ਸਿਲਾਈ ਸਿੱਖਣ,
ਦਸਤਾਰ ਸਿੱਖਲਾਈ,
ਗੁਰਮਤਿ ਅਤੇ ਕੀਰਤਨ ਲਈ ਵਿਸ਼ੇਸ਼ ਕਲਾਸਾਂ ਵੀ ਲਗਾਈਆਂ
ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਹੋਮਿਓਪੈਥਿਕ ਮੈਡੀਕਲ ਸੇਵਾਵਾਂ, ਡੈਂਟਲ ਸੇਵਾਵਾਂ, ਫੀਜੀਓਥਰੈਪੀ ਸੇਵਾਵਾਂ ਅਤੇ ਲੈਬਾਰਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਗੁਰਬਾਣੀ ਦਾ ਸੰਦੇਸ਼ ਵੱਡੀਆਂ ਸਕਰੀਨਾਂ ਤੇ ਦਿਖਾਇਆ ਜਾਂਦਾ ਹੈ ਤਾਂ ਜੋ ਸ਼ਰਧਾਲੂ ਅਸਾਨੀ ਨਾਲ ਸਮਝ ਸਕਣ। ਹਰ ਸਾਲ ਸਹਿਜ ਪਾਠ ਸਾਹਿਬ ਦਾ ਪਾਠ
ਮੁੱਖ ਹਾਲ ਵਿੱਚ ਕਲਾਸ ਵਿੱਚ ਬੈਠ ਕੇ ਪੋਥੀਆਂ ਦੇ ਨਾਲ ਕੀਤਾ ਜਾਂਦਾ ਹੈ । ਇੱਕ ਲਾਇਬਰੇਰੀ ਵੀ ਬਣਾਈ ਗਈ ਹੈ।
ਗੁਰਦੁਆਰਾ ਸਾਹਿਬ ਦੀ ਵੈੱਬਸਾਈਟ ਨਵੀਨਤਮ
ਜਾਣਕਾਰੀ ਸੰਗਤ ਅਤੇ ਸਮੂਹ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ੋਸਲ
ਮੀਡੀਆ ਤੇ ਪ੍ਰੋਗਰਾਮਾਂ ਨੂੰ ਲਾਈਵ ਕਰਨ ਲਈ ਗੁਰਦੁਆਰਾ ਸਾਹਿਬ ਦਾ ਇੱਕ ਫੇਸਬੁੱਕ ਪੇਜ ਬਣਾਇਆ ਗਿਆ
ਹੈ। ਇੰਟਰਨੈੱਟ ਦੀ ਸਹੂਲਤ
ਉਪਲਬਧ ਹੈ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਸੁਰੱਖਿਆ ਨਿਗਰਾਨੀ ਲਈ 27 ਕੈਮਰੇ ਲਗਾਏ ਗਏ ਹਨ। ਬਿਜਲੀ ਦੀ ਬੱਚਤ ਲਈ 20 ਕਿਲੋਵਾਟ ਦਾ ਸੋਲਰ ਪਲਾਂਟ ਲਗਾਇਆ ਹੋਇਆ ਹੈ।
ਗੁਰਦੁਆਰਾ ਸਾਹਿਬ ਵਿਖੇ ਮੇਨ ਹਾਲ ਅਤੇ ਇੱਕ ਬੇਸਮੈਂਟ ਵਿੱਚ ਏ.ਸੀ. ਲਗਾਏ ਗਏ ਹਨ। ਇਸੇ
ਤਰ੍ਹਾਂ ਇੱਕ ਵੱਖਰਾ ਏ.ਸੀ. ਹਾਲ ਛੋਟੇ ਪ੍ਰੋਗਰਾਮਾਂ ਲਈ ਬਣਾਇਆ ਗਿਆ ਹੈ।ਸੰਗਤ ਦੇ ਪ੍ਰੋਗਰਾਮਾਂ
ਲਈ ਦੋ ਬੇਸਮੈਂਟ ਹਾਲ ਉਪਲਬਧ ਹਨ। ਗੁਰਦੁਆਰਾ ਸਾਹਿਬ ਦੇ ਸਟਾਫ ਲਈ ਸਾਫ ਸੁਥਰੀ ਰਿਹਾਇਸ਼ ਦਾ
ਪ੍ਰਬੰਧ ਕੀਤਾ ਗਿਆ ਹੈ। ਇੱਕ ਵੱਡਾ ਜਨਰੇਟਰ ਸੈਟ ਲਗਾਇਆ ਹੋਇਆ ਹੈ।
ਪ੍ਰਬੰਧਕਾਂ ਦਾ ਮਨੋਰਥ ਇਸ ਸਥਾਨ ਨੂੰ ਗੁਰਮਤਿ ਪ੍ਰਚਾਰ ਕੇਂਦਰ ਬਣਾਉਣਾ ਅਤੇ ਸਮਾਜ ਦੀ ਸੇਵਾ
ਕਰਨਾ ਹੈ।